ਹਾਦਸੇ ’ਚ ਤਿੰਨ ਕਿਸਾਨ ਬੀਬੀਆਂ ਦੀ ਮੌਤ

ਹਾਦਸੇ ’ਚ ਤਿੰਨ ਕਿਸਾਨ ਬੀਬੀਆਂ ਦੀ ਮੌਤ
ਨਵੀਂ ਦਿੱਲੀ-ਟਿਕਰੀ-ਬਹਾਦੁਰਗੜ੍ਹ ਸਰਹੱਦ ’ਤੇ ਵੀਰਵਾਰ ਨੂੰ ਤੜਕੇ ਟਿੱਪਰ ਨੇ ਤਿੰਨ ਕਿਸਾਨ ਔਰਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ। ਇਹ ਔਰਤਾਂ ਪ੍ਰਦਰਸ਼ਨ ਵਾਲੀ ਥਾਂ ’ਤੇ ਰੁਕੀਆਂ ਹੋਈਆਂ ਸਨ ਜਿੱਥੇ ਕਿਸਾਨ ਪਿਛਲੇ 11 ਮਹੀਨਿਆਂ ਤੋਂ ਵਿਵਾਦਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਡਟੇ ਹੋਏ ਹਨ। ਮ੍ਰਿਤਕ ਔਰਤਾਂ ਦੀ ਪਛਾਣ ਅਮਰਜੀਤ ਕੌਰ, ਗੁਰਮੇਲ ਕੌਰ ਤੇ ਸੁਖਵਿੰਦਰ ਕੌਰ ਵਾਸੀ ਖੀਵਾ ਦਿਆਲੂ ਵਾਲਾ (ਮਾਨਸਾ) ਵਜੋਂ ਹੋਈ ਹੈ ਜਦੋਂ ਕਿ ਦੋ ਔਰਤਾਂ ਗੁਰਮੇਲ ਕੌਰ ਤੇ ਹਰਮੀਤ ਕੌਰ ਗੰਭੀਰ ਜ਼ਖ਼ਮੀ ਹੋ ਗਈਆਂ। ਇਹ ਸਾਰੀਆਂ ਔਰਤਾਂ ਸਵੇਰੇ ਛੇ ਵਜੇ ਦਿੱਲੀ ਮੋਰਚੇ ਤੋਂ ਪੰਜਾਬ ਵਾਪਸ ਆਉਣ ਲਈ ਝੱਜਰ ਪੁਲ ਦੇ ਥੱਲੇ ਰੇਲਵੇ ਸਟੇਸ਼ਨ ’ਤੇ ਪਹੁੰਚਣ ਲਈ ਸੜਕ ਦੇ ਡਿਵਾਈਡਰ ’ਤੇ ਬੈਠ ਕੇ ਆਟੋ ਰਿਕਸ਼ੇ ਦੀ ਉਡੀਕ ਕਰ ਰਹੀਆਂ ਸਨ।
ਇਸ ਦੌਰਾਨ ਟਿੱਪਰ ਨੇ ਇਨ੍ਹਾਂ ਔਰਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਮਗਰੋਂ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਅੱਜ ਇੱਕ ਵਜੇ ਟਿੱਪਰ ਡਰਾਈਵਰ ਅਤੇ ਮਾਲਕ ਦੀ ਗ੍ਰਿਫ਼ਤਾਰੀ ਦੀ ਮੰਗ ਲਈ ਪਕੌੜਾ ਚੌਕ ਵਿੱਚ ਦੋ ਘੰਟੇ ਜਾਮ ਲਾਇਆ ਗਿਆ। ਇਸ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਨੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਖ਼ਮੀ ਔਰਤਾਂ ਨੂੰ ਪੰਡਿਤ ਭਾਗਵਤ ਦਿਆਲ ਸ਼ਰਮਾ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਰੋਹਤਕ ਵਿੱਚ ਰੈਫਰ ਕੀਤਾ ਗਿਆ ਹੈ। ਇਹ ਸਾਰੀਆਂ ਔਰਤਾਂ 50 ਤੋਂ 55 ਸਾਲ ਦੀ ਉਮਰ ਦੀਆਂ ਸਨ।
ਅੰਦੋਲਨਕਾਰੀ ਕਿਸਾਨ ਬੀਬੀਆਂ ਨੂੰ ਸ਼ਰਧਾਂਜਲੀ
ਨਵੀਂ ਦਿੱਲੀ :ਟਿਕਰੀ ਬਾਰਡਰ ’ਤੇ ਟਿੱਪਰ ਦੀ ਲਪੇਟ ਵਿੱਚ ਆ ਕੇ ਹਲਾਕ ਹੋਈਆਂ ਤਿੰਨ ਕਿਸਾਨ ਔਰਤਾਂ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਕਿਸਾਨ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਇਸ ਘਟਨਾ ਨੂੰ ਮੰਦਭਾਗੀ ਦੱਸਿਆ। ਮੋਰਚੇ ਵੱਲੋਂ ਜਖ਼ਮੀ ਔਰਤਾਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਹਾਦਸੇ ਦੀ ਨਿਰਪੱਖ ਜਾਂਚ ਕੀਤੀ ਜਾਵੇ। ਬੀਕੇਯੂ-ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਹਾਦਸੇ ਨੂੰ ਬੇਹੱਦ ਦੁਖਦਾਈ ਦੱਸਿਆ ਹੈ।
ਕਿਸਾਨ ਆਗੂਆਂ ਨੂੰ ਸਾਜ਼ਿਸ਼ ਦਾ ਸ਼ੱਕ
ਕਿਸਾਨ ਆਗੂ ਬੁੱਕਣ ਸਿੰਘ ਸੱਦੋਵਾਲ ਅਤੇ ਮਨਜੀਤ ਸਿੰਘ ਘਰਾਚੋਂ ਨੇ ਕਿਹਾ ਕਿ ਹਾਦਸਾ ਹਰਿਆਣਾ ਦੀ ਖੱਟਰ ਸਰਕਾਰ ਦੀ ਗਿਣੀ-ਮਿਥੀ ਸਾਜ਼ਿਸ਼ ਜਾਪਦੀ ਹੈ। ਉਨ੍ਹਾਂ ਕਿਹਾ ਕਿ ਲਖੀਮਪੁਰ ਦੀ ਘਟਨਾ ਵੀ ਭਾਜਪਾ ਵੱਲੋਂ ਕਰਵਾਈ ਗਈ ਸੀ। ਬੁਲਾਰਿਆਂ ਵੱਲੋਂ ਇਸ ਘਟਨਾ ਦੀ ਪੜਤਾਲ ਕਰ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ।
ਚੰਨੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ
ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਪਕੌੜਾ ਚੌਕ ਵਿੱਚ ਤੇਜ਼ ਰਫ਼ਤਾਰ ਟਿੱਪਰ ਵੱਲੋਂ ਦਰੜੀਆਂ ਗਈਆਂ ਤਿੰਨ ਔਰਤਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਵੱਲੋਂ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਅਤੇ ਜ਼ਖ਼ਮੀ ਔਰਤਾਂ ਦਾ ਮੁਫ਼ਤ ਇਲਾਜ ਕਰਵਾਉਣ ਦਾ ਵੀ ਐਲਾਨ ਕੀਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਰਿਆਣਾ ਪੁਲੀਸ ਨੂੰ ਉਕਤ ਮਾਮਲੇ ਦੀ ਜਾਂਚ ਕਰਨ ਅਤੇ ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਬੇਰਹਿਮੀ ਤੇ ਨਫਰਤ ਨੇ ਦੇਸ਼ ਨੂੰ ਖੋਖਲਾ ਕੀਤਾ: ਰਾਹੁਲ
ਨਵੀਂ ਦਿੱਲੀ: ਹਰਿਆਣਾ ਦੇ ਟਿਕਰੀ ਬਾਰਡਰ ’ਤੇ ਟਿੱਪਰ ਦੀ ਟੱਕਰ ਕਾਰਨ ਮਰੀਆਂ ਤਿੰਨ ਕਿਸਾਨ ਔਰਤਾਂ ਸਬੰਧੀ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਅੰਨਦਾਤੇ ਨੂੰ ਦਰੜ ਦਿੱਤਾ ਗਿਆ ਅਤੇ ਇਸ ਬੇਰਹਿਮੀ ਤੇ ਨਫਰਤ ਨਾਲ ਦੇਸ਼ ਖੋਖਲਾ ਹੋ ਰਿਹਾ ਹੈ। ਗਾਂਧੀ ਨੇ ਇਹ ਗੱਲ ਟਵੀਟ ਰਾਹੀਂ ਆਖੀ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਲਈ ਭਾਜਪਾ ਦੀ ਨਿੰਦਾ ਕੀਤੀ। ਉਨ੍ਹਾਂ ਟਵੀਟ ਕੀਤਾ,‘ਕਿਸਾਨ ਮਿਹਨਤ ਨਾਲ ਫਸਲ ਉਗਾਉਂਦਾ ਹੈ ਪਰ ਉਸ ਨੂੰ ਸਹੀ ਮੁੱਲ ਨਹੀਂ ਮਿਲਦਾ। ਖਾਦਾਂ ਦੀ ਉਪਲੱਭਧਤਾ ਨਾ ਹੋਣ ਕਾਰਨ ਬੁੰਦੇਲਖੰਡ ਦੇ ਦੋ ਕਿਸਾਨਾਂ ਨੇ ਜਾਨ ਦੇ ਦਿੱਤੀ।’