ਭਾਰਤ ਪੁੱਜੇ ਬੌਰਿਸ ਜੌਹਨਸਨ, ਸਾਬਰਮਤੀ ਆਸ਼ਰਮ ਜਾਣ ਵਾਲੇ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਬਣੇ

ਭਾਰਤ ਪੁੱਜੇ ਬੌਰਿਸ ਜੌਹਨਸਨ, ਸਾਬਰਮਤੀ ਆਸ਼ਰਮ ਜਾਣ ਵਾਲੇ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਬਣੇ
ਅਹਿਮਦਾਬਾਦ-ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵੀਰਵਾਰ ਨੂੰ ਭਾਰਤ ਦੌਰੇ ਦੇ ਆਪਣੇ ਪਹਿਲੇ ਪੜਾਅ ਤਹਿਤ ਅਹਿਮਦਾਬਾਦ ਵਿਖੇ ਪੁੱਜ ਗਏ ਅਤੇ ਇਥੇ ਉਨ੍ਹਾਂ ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ ਅਤੇ ਉਹ ਅਜਿਹਾ ਕਰਨ ਵਾਲੇ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਬਣੇ | ਉਨ੍ਹਾਂ ਮਹਾਤਮਾ ਗਾਂਧੀ ਨੂੰ ਆਸਾਧਰਨ ਸ਼ਖ਼ਸੀਅਤ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਦੁਨੀਆ ਨੂੰ ਬਿਹਤਰ ਬਣਾਉਣ ਲਈ ਸੱਚ ਤੇ ਅਹਿੰਸਾ ਦੇ ਸਿਧਾਂਤਾਂ 'ਤੇ ਜ਼ੋਰ ਦਿੱਤਾ | ਇਸ ਤੋਂ ਇਲਾਵਾ 1947 ਤੋਂ ਬਾਅਦ ਗੁਜਰਾਤ ਦਾ ਦੌਰਾ ਕਰਨ ਵਾਲੇ ਵੀ ਜੌਹਨਸਨ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਬਣ ਗਏ ਹਨ | ਜੌਹਨਸਨ ਨੇ ਵਿਜ਼ਟਰ ਬੁੱਕ ਵਿਚ ਲਿਖਿਆ ਕਿ ਇਸ ਆਸਾਧਰਨ ਵਿਅਕਤੀ (ਮਹਾਤਮਾ ਗਾਂਧੀ) ਦੇ ਆਸ਼ਰਮ 'ਚ ਆਉਣਾ ਅਤੇ ਇਹ ਸਮਝਣਾ ਕਿ ਕਿਵੇਂ ਉਨ੍ਹਾਂ ਨੇ ਦੁਨੀਆ ਨੂੰ ਬਿਹਤਰ ਬਣਾਉਣ ਲਈ ਸੱਚ ਅਤੇ ਅਹਿੰਸਾ ਦੇ ਸਿਧਾਂਤਾਂ 'ਤੇ ਜ਼ੋਰ ਦਿੱਤਾ, ਇਹ ਇਕ ਬਹੁਤ ਵੱਡਾ ਸਨਮਾਨ ਹੈ | ਇਸ ਦੌਰਾਨ ਉਨ੍ਹਾਂ ਚਰਖਾ ਕੱਤਣ ਦੀ ਕੋਸ਼ਿਸ਼ ਕੀਤੀ ਅਤੇ ਆਸ਼ਰਮ ਵਲੋਂ ਉਨ੍ਹਾਂ ਨੂੰ ਚਰਖੇ ਦਾ ਚਿੰਨ੍ਹ ਅਤੇ ਦੋ ਕਿਤਾਬਾਂ ਵੀ ਸਨਮਾਨ ਵਜੋਂ ਭੇਟ ਕੀਤੀਆਂ ਗਈਆਂ | ਦੋ ਕਿਤਾਬਾਂ ਵਿਚੋਂ ਇਕ 'ਗਾਈਡ ਟੂ ਲੰਡਨ' ਹੈ, ਜੋ ਪ੍ਰਕਾਸ਼ਿਤ ਨਹੀਂ ਹੋਈ ਹੈ ਅਤੇ ਇਸ 'ਚ ਲੰਡਨ ਵਿਚ ਕਿਵੇਂ ਰਿਹਾ ਜਾਵੇ, ਨੂੰ ਲੈ ਕੇ ਮਹਾਤਮਾ ਗਾਂਧੀ ਦੇ ਸੁਝਾਅ ਹਨ | ਦੂਸਰੀ ਕਿਤਾਬ ਮੀਰਾਬੇਨ ਦੀ ਆਤਮ ਕਥਾ 'ਦ ਸਪਿਰਿਟਸ ਪਿਲਗਿ੍ਮਜ਼' ਹੈ |
ਗੌਤਮ ਅਡਾਨੀ ਨਾਲ ਕੀਤੀ ਮੁਲਾਕਾਤ
ਬੌਰਿਸ ਜੌਹਨਸਨ ਨੇ ਇੱਥੇ ਉਦਯੋਗਪਤੀ ਗੌਤਮ ਅਡਾਨੀ ਨਾਲ ਬੈਠਕ ਕੀਤੀ | ਇਹ ਬੈਠਕ ਅਹਿਮਦਾਬਾਦ ਸ਼ਹਿਰ ਦੇ ਬਾਹਰੀ ਇਲਾਕੇ ਸ਼ਾਂਤੀਗ੍ਰਾਮ 'ਚ ਅਡਾਨੀ ਸਮੂਹ ਦੇ ਮੁੱਖ ਦਫ਼ਤਰ ਵਿਖੇ ਹੋਈ | ਅਡਾਨੀ ਨੇ ਬਾਅਦ ਵਿਚ ਟਵੀਟ ਕੀਤਾ ਕਿ 'ਅਡਾਨੀ ਮੁੱਖ ਦਫ਼ਤਰ ਵਿਚ ਗੁਜਰਾਤ ਦੌਰੇ 'ਤੇ ਆਏ ਬਰਤਾਨਵੀ ਪ੍ਰਧਾਨ ਮੰਤਰੀ ਜੌਹਨਸਨ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ | ਨਵਿਆਉਣਯੋਗ ਊਰਜਾ, ਗ੍ਰੀਨ ਹਾਈਡ੍ਰੋਜਨ ਅਤੇ ਨਵੀਂ ਊਰਜਾ ਨਾਲ ਜਲਵਾਯੂ ਅਤੇ ਸਥਿਰਤਾ ਏਜੰਡੇ ਦਾ ਸਮਰਥਨ ਕਰਨ ਦੀ ਖੁਸ਼ੀ ਹੈ | ਰੱਖਿਆ ਅਤੇ ਏਅਰਸਪੇਸ ਟੈਕਨਾਲੋਜੀ ਵਿਚ ਸਹਿ-ਨਿਰਮਾਣ ਲਈ ਬਰਤਾਨਵੀ ਕੰਪਨੀਆਂ ਨਾਲ ਕੰਮ ਵੀ ਕਰਾਂਗੇ' | ਸੂਤਰਾਂ ਨੇ ਕਿਹਾ ਹੈ ਕਿ ਦੋਵਾਂ ਨੇ ਹੋਰ ਗੱਲਾਂ ਤੋਂ ਇਲਾਵਾ ਊਰਜਾ ਬਦਲਾਅ, ਜਲਵਾਯੂ ਕਾਰਵਾਈ, ਏਅਰਸਪੇਸ ਅਤੇ ਰੱਖਿਆ ਸਹਿਯੋਗ ਵਰਗੇ ਪ੍ਰਮੁੱਖ ਮੁੱਦਿਆਂ 'ਤੇ ਚਰਚਾ ਕੀਤੀ | ਸੂਤਰਾਂ ਨੇ ਕਿਹਾ ਕਿ ਅਡਾਨੀ ਅਤੇ ਜੌਹਨਸਨ ਨੇ ਰੱਖਿਆ ਖੇਤਰ ਵਿਚ ਸਹਿਯੋਗ 'ਤੇ ਖਾਸ ਤੌਰ 'ਤੇ ਚਰਚਾ ਕੀਤੀ | ਦੱਸਣਯੋਗ ਹੈ ਕਿ ਭਾਰਤ ਨੇ ਆਪਣੀਆਂ ਹਥਿਆਰਬੰਦ ਸੈਨਾਵਾਂ ਦੇ ਅਧੁਨੀਕੀਕਰਨ ਲਈ 2030 ਤੱਕ 300 ਅਰਬ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ |