ਪਟਿਆਲਾ ਹਿੰਸਾ: ਪਰਵਾਨਾ ਅਤੇ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਸਣੇ ਛੇ ਹੋਰ ਗ੍ਰਿਫ਼ਤਾਰ

ਪਟਿਆਲਾ ਹਿੰਸਾ: ਪਰਵਾਨਾ ਅਤੇ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਸਣੇ ਛੇ ਹੋਰ ਗ੍ਰਿਫ਼ਤਾਰ
ਪਟਿਆਲਾ-ਖ਼ਾਲਿਸਤਾਨ ਦੇ ਮੁੱਦੇ ’ਤੇ ਮਾਰਚ ਕੱਢਣ ਦੌਰਾਨ 29 ਅਪਰੈਲ ਨੂੰ ਪਟਿਆਲਾ ਵਿਚ ਸਿੱਖਾਂ ਅਤੇ ਹਿੰਦੂ ਕਾਰਕੁਨਾਂ ਦਰਮਿਆਨ ਹੋਏ ਟਕਰਾਅ ਸਬੰਧੀ ਮੁੱਖ ਸਾਜ਼ਿਸ਼ਘਾੜੇ ਕਰਾਰ ਦਿੱਤੇ ਗਏ ਸਿੱਖ ਨੌਜਵਾਨ ਬਲਜਿੰਦਰ ਸਿੰਘ ਪਰਵਾਨਾ (38) ਅਤੇ ਸ਼ਿਵ ਸੈਨਾ (ਬਾਲ ਠਾਕਰੇ) ਦੇ ਜ਼ਿਲ੍ਹਾ ਪ੍ਰਧਾਨ ਸ਼ੰਕਰ ਭਾਰਦਵਾਜ ਸਮੇਤ ਛੇ ਜਣਿਆਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਭੜਕਾਊ ਪ੍ਰਚਾਰ ਦੇ ਦੋਸ਼ ਹੇਠ ਪੰਡਤ ਅਸ਼ਵਨੀ ਗੱਗੀ, ਰਾਜਿੰਦਰ ਸਿੰਘ ਸਮਾਣਾ, ਦਵਿੰਦਰ ਸਿੰਘ ਜੀਂਦ ਅਤੇ ਵਾਸਦੇਵ ਵਾਸੀ ਫਤਿਹਗੜ੍ਹ ਸਾਹਿਬ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਦੋ ਗੁੱਟਾਂ ’ਚ ਹੋਏ ਟਕਰਾਅ ਦੇ ਸਬੰਧ ’ਚ ਹੁਣ ਤੱਕ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਪਟਿਆਲਾ ਦੇ ਨਵੇਂ ਆਈਜੀ ਮੁਖਵਿੰਦਰ ਸਿੰਘ ਛੀਨਾ ਅਤੇ ਐੱਸਐੱਸਪੀ ਦੀਪਕ ਪਾਰਿਕ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਪਰਵਾਨਾ ਨੂੰ ਮੁਹਾਲੀ ਤੋਂ ਗ੍ਰਿਫ਼ਤਾਰ ਕਰਨ ਦੀ ਜਾਣਕਾਰੀ ਦਿੱਤੀ। ਪਰਵਾਨਾ ਨੂੰ ਇਥੇ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਰਾਜਪੁਰਾ ਨੇੜਲੇ ਪਿੰਡ ਖਰੋਲਾ ਦਾ ਮੂਲ ਨਿਵਾਸੀ ਬਲਜਿੰਦਰ ਪਰਵਾਨਾ ਰਾਜਪੁਰਾ ਸ਼ਹਿਰ ’ਚ ਰਹਿੰਦਾ ਹੈ। ਗਰਮਖਿਆਲੀ ਵਿਚਾਰਧਾਰਾ ਵਾਲੇ ਪਰਵਾਨਾ ਖਿਲਾਫ਼ ਪਹਿਲਾਂ ਵੀ ਚਾਰ ਕੇਸ ਚੱਲ ਰਹੇ ਹਨ ਜਿਨ੍ਹਾਂ ’ਚੋਂ ਦੋ ਇਰਾਦਾ ਕਤਲ ਦੇ ਹਨ। ਪੁਲੀਸ ਮੁਤਾਬਕ ਪਰਵਾਨਾ ਨੇ ਸਿੱਖਾਂ ਨੂੰ ਭੜਕਾ ਕੇ ਕਾਲੀ ਮਾਤਾ ਮੰਦਰ ਵੱਲ ਮਾਰਚ ਕੱਢਣ ਦਾ ਸੱਦਾ ਦਿੱਤਾ ਸੀ। ਉਂਜ ਉਸ ਦੇ ਸਾਥੀਆਂ ਦਾ ਕਹਿਣਾ ਹੈ ਕਿ ਮੰਦਰ ਨੇੜੇ ਵਾਪਰੀ ਪਥਰਾਅ ਦੀ ਘਟਨਾ ਮੌਕੇ ਉਹ ਇਥੋਂ ਦੂਰ ਪੈਂਦੇ ਗੁਰਦਵਾਰਾ ਦੂਖਨਿਵਾਰਨ ਸਾਹਿਬ ਵਿਚ ਮੌਜੂਦ ਸੀ ਅਤੇ ਉਹ ਸ਼ਾਮ ਵੇਲੇ ਫੁਹਾਰਾ ਚੌਕ ਵਾਲੇ ਧਰਨੇ ’ਚ ਹੀ ਪੁੱਜਾ ਸੀ। ਪਰਵਾਨਾ ਉਰਫ਼ ਸਨੀ ਸੋਸ਼ਲ ਮੀਡੀਆ ’ਤੇ ਆਪਣੇ ਭੜਕਾਊ ਭਾਸ਼ਨਾਂ ਲਈ ਜਾਣਿਆ ਜਾਂਦਾ ਹੈ। ਉਹ 2007-08 ’ਚ ਸਿੰਗਾਪੁਰ ਗਿਆ ਸੀ ਅਤੇ 18 ਮਹੀਨਿਆਂ ਮਗਰੋਂ ਉਥੋਂ ਪਰਤ ਆਇਆ ਸੀ। ਉਸ ਨੇ ਰਾਜਪੁਰਾ ’ਚ ਆਪਣੀ ਜਥੇਬੰਦੀ ‘ਦਮਦਮੀ ਟਕਸਾਲ’ ਬਣਾਈ ਸੀ ਅਤੇ ਕਿਸਾਨਾਂ ਵੱਲੋਂ ਕੀਤੇ ਗਏ ਅੰਦੋਲਨ ’ਚ ਵੀ ਉਸ ਨੇ ਸ਼ਮੂਲੀਅਤ ਕੀਤੀ ਸੀ। ਉਧਰ ਸ਼ੰਕਰ ਭਾਰਦਵਾਜ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਹੈ। ਇਸੇ ਤਰਾਂ ਵਾਸਦੇਵ, ਦਵਿੰਦਰ ਸਿੰਘ ਅਤੇ ਰਾਜਿੰਦਰ ਸਿੰਘ ਨੂੰ ਵੀ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਮਰਹੂਮ ਟੌਹੜਾ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਦੋਸ਼ ’ਚ ਫੜੇ ਗੱਗੀ ਪੰਡਿਤ ਨੂੰ ਪੁਲੀਸ ਕੱਲ੍ਹ ਅਦਾਲਤ ’ਚ ਪੇਸ਼ ਕਰੇਗੀ। ਹਰੀਸ਼ ਸਿੰਗਲਾ ਪਹਿਲਾਂ ਹੀ ਦੋ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਹੈ ਅਤੇ ਭਲਕੇ ਉਸ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਸੰਭਾਵਨਾ ਹੈ ਕਿ ਪੁਲੀਸ ਸਿੰਗਲਾ ਦਾ ਹੋਰ ਰਿਮਾਂਡ ਮੰਗੇਗੀ ਕਿਉਂਕਿ ਇਸ ਕੇਸ ’ਚ 40 ਤੋਂ 50 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਅਜੇ ਸਿਰਫ਼ 10 ਕੁ ਦੀ ਹੀ ਸ਼ਨਾਖ਼ਤ ਹੋਈ ਹੈ।