ਇੰਡੋਨੇਸ਼ੀਆ: ਬੱਸ ਬਿੱਲਬੋਰਡ ਨਾਲ ਟਕਰਾਈ, 14 ਹਲਾਕ

ਇੰਡੋਨੇਸ਼ੀਆ: ਬੱਸ ਬਿੱਲਬੋਰਡ ਨਾਲ ਟਕਰਾਈ, 14 ਹਲਾਕ
ਸੁਰਾਬਾਯਾ (ਇੰਡੋਨੇਸ਼ੀਆ)-ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਵਿੱਚ ਅੱਜ ਸੈਲਾਨੀਆਂ ਵਾਲੀ ਬੱਸ ਬਿੱਲਬੋਰਡ ਨਾਲ ਟਕਰਾਉਣ ਕਾਰਨ 14 ਵਿਅਕਤੀਆਂ ਦੀ ਮੌਤ ਹੋ ਗਈ ਅਤੇ 19 ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਚਾਰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਪੂਰਬੀ ਜਾਵਾ ਟਰੈਫਿਕ ਪੁਲੀਸ ਦੇ ਮੁਖੀ ਲਤੀਫ ਉਸਮਾਨ ਨੇ ਦੱਸਿਆ ਕਿ ਬੱਸ ਵਿੱਚ ਸੁਰਾਬਾਯਾ ਦੇ ਸੈਲਾਨੀ ਸਵਾਰ ਸਨ ਅਤੇ ਉਹ ਸੈਂਟਰਲ ਜਾਵਾ ਦੇ ਮਸ਼ਹੂਰ ਪਹਾੜੀ ਰਿਜ਼ੌਰਟ ਡਿਏਂਗ ਪਲੇਟੂ ਤੋਂ ਪਰਤ ਰਹੇ ਸਨ। ਸਵੇਰੇ ਇਹ ਬੱਸ ਮੋਜੋਕੇਰਟੋ ਟੌਲ ਮਾਰਗ ’ਤੇ ਲੱਗੇ ਬਿੱਲਬੋਰਡ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ ਪਰ ਲੱਗਦਾ ਹੈ ਕਿ ਹਾਦਸੇ ਤੋਂ ਪਹਿਲਾਂ ਡਰਾਈਵਰ ਨੂੰ ਨੀਂਦ ਆ ਗਈ ਹੋਵੇਗੀ। ਉਸਮਾਨ ਨੇ ਦੱਸਿਆ ਕਿ ਹਾਦਸੇ ਵਿੱਚ ਡਰਾਈਵਰ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ, ਜਿਸ ਕਰਕੇ ਉਸ ਕੋਲੋਂ ਹਾਲੇ ਪੁੱਛ-ਪੜਤਾਲ ਨਹੀਂ ਕੀਤੀ ਗਈ। ਬਾਕੀ 19 ਜਣਿਆਂ ਦਾ ਚਾਰ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। -ਏਪੀ