ਰਾਜੌਰੀ ’ਚ ਦਹਿਸ਼ਤੀ ਹਮਲਾ; ਚਾਰ ਹਲਾਕ, ਛੇ ਜ਼ਖ਼ਮੀ

ਰਾਜੌਰੀ ’ਚ ਦਹਿਸ਼ਤੀ ਹਮਲਾ; ਚਾਰ ਹਲਾਕ, ਛੇ ਜ਼ਖ਼ਮੀ
ਰਾਜੌਰੀ-ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਪਿੰਡ ਡਾਂਗਰੀ ਵਿੱਚ ਐਤਵਾਰ ਸ਼ਾਮ ਨੂੰ ਅਤਿਵਾਦੀਆਂ ਵੱਲੋਂ ਕੀਤੇ ਹਮਲੇ ’ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਛੇ ਜਣੇ ਜ਼ਖ਼ਮੀ ਹੋ ਗਏ ਹਨ। ਜੰਮੂ ਜ਼ੋਨ ਦੇ ਐਡੀਸ਼ਨਲ ਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਦੋ ਹਥਿਆਰਬੰਦ ਵਿਅਕਤੀਆਂ ਨੇ ਪਿੰਡ ਵਿੱਚ ਗੋਲੀਬਾਰੀ ਕੀਤੀ ਜਿਸ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ ਤੇ ਛੇ ਵਿਅਕਤੀ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਪਿੰਡ ਦੇ ਤਿੰਨ ਘਰਾਂ ਵਿੱਚ ਗੋਲੀਬਾਰੀ ਕੀਤੀ ਗਈ ਅਤੇ ਤਿੰਨ ਵਿਅਕਤੀ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਮੌਕੇ ’ਤੇ ਦਮ ਤੋੜ ਗਏ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਖ਼ਮੀਆਂ ਨੂੰ ਰਾਜੌਰੀ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗੋਲੀਬਾਰੀ ਦੀ ਇਹ ਘਟਨਾ ਪਿੰਡ ਦੇ ਇਕ ਮੰਦਰ ਕੋਲ ਸ਼ਾਮ 7.30 ਵਜੇ ਵਾਪਰੀ। ਚਸ਼ਮਦੀਦਾਂ ਅਨੁਸਾਰ ਹਥਿਆਰਬੰਦ ਵਿਅਕਤੀਆਂ ਨੇ ਰਾਈਫਲਾਂ ਨਾਲ ਗੋਲੀਬਾਰੀ ਕੀਤੀ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਕਈ ਗੋਲੀਆਂ ਲੱਗੀਆਂ ਹਨ। ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਹਮਲੇ ਮਗਰੋਂ ਪੁਲੀਸ ਤੇ ਸੁਰੱਖਿਆ ਬਲ ਮੌਕੇ ’ਤੇ ਪਹੁੰਚ ਗਏ ਹਨ। ਸਪੈਸ਼ਲ ਅਪਰੇਸ਼ਨਜ਼ ਗਰੁੱਪ, ਕੇਂਦਰੀ ਰਿਜ਼ਰਵ ਪੁਲੀਸ ਫੋਰਸ ਤੇ ਫੌਜ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਅਤਿਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਕ ਚਸ਼ਮਦੀਦ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਸ਼ਾਮ ਸਮੇਂ ਗੁਆਂਢੀ ਹਿੰਦੂ ਇਲਾਕੇ ਵਿੱਚ ਗੋਲੀਬਾਰੀ ਦੀ ਆਵਾਜ਼ ਸੁਣੀ। ਇਸ ਮਗਰੋਂ ਕਈ ਲੋਕ ਘਰਾਂ ਵਿੱਚੋਂ ਬਾਹਰ ਨਿਕਲ ਆਏ, ਕੁਝ ਜ਼ਖ਼ਮੀ ਵਿਅਕਤੀ ਘਰਾਂ ਵਿੱਚ ਪਏ ਸਨ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣਾ ਸ਼ੁਰੂ ਕੀਤਾ।