ਮੁੱਖ ਮੰਤਰੀ ਵਲੋਂ ਗੁਰੂ ਦੀ ਗੋਲਕ ਅਤੇ ਸ਼੍ਰੋਮਣੀ ਕਮੇਟੀ ਵਿਰੁੱਧ ਕੀਤੀਆਂ ਟਿੱਪਣੀਆਂ 'ਤੇ ਸਿੱਖ ਜਗਤ 'ਚ ਭਾਰੀ ਰੋਸ

ਮੁੱਖ ਮੰਤਰੀ ਵਲੋਂ ਗੁਰੂ ਦੀ ਗੋਲਕ ਅਤੇ ਸ਼੍ਰੋਮਣੀ ਕਮੇਟੀ ਵਿਰੁੱਧ ਕੀਤੀਆਂ ਟਿੱਪਣੀਆਂ 'ਤੇ ਸਿੱਖ ਜਗਤ 'ਚ ਭਾਰੀ ਰੋਸ
ਅੰਮਿ੍ਤਸਰ-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਬੀਤੇ ਦਿਨੀਂ 1 ਜਨਵਰੀ ਨੂੰ ਮਸਤੂਆਣਾ ਵਿਖੇ ਇਕ ਸਮਾਗਮ ਦੌਰਾਨ ਗੁਰਦੁਆਰਾ ਸਾਹਿਬਾਨ ਦੀਆਂ ਗੋਲਕਾਂ ਤੇ ਸ਼ੋ੍ਰਮਣੀ ਕਮੇਟੀ ਮੈਂਬਰਾਂ ਖ਼ਿਲਾਫ਼ ਕੀਤੀ ਅਪਮਾਨਜਨਕ ਬਿਆਨਬਾਜ਼ੀ ਦਾ ਸਖ਼ਤ ਨੋਟਿਸ ਲੈਂਦਿਆਂ ਅੱਜ ਸ਼੍ਰੋਮਣੀ ਕਮੇਟੀ ਮੈਂਬਰਾਂ ਵਲੋਂ ਪੰਜਾਬ ਭਰ ਦੇ ਜ਼ਿਲ੍ਹਾ ਹੈੈੱਡਕੁਆਟਰਾਂ 'ਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪ ਕੇ ਮੁੱਖ ਮੰਤਰੀ ਨੂੰ ਇਸ ਸੰਬੰਧੀ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਦੀ ਤਾੜਨਾ ਕੀਤੀ |
ਮੁੱਖ ਮੰਤਰੀ ਦਾ ਵਿਵਾਦਤ ਬਿਆਨ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਸਤਾਵਿਤ ਮਸਤੂਆਣਾ ਮੈਡੀਕਲ ਕਾਲਜ ਦੀ ਜ਼ਮੀਨ ਸੰਬੰਧੀ ਸ਼ੋ੍ਰਮਣੀ ਕਮੇਟੀ ਦੀ ਆਲੋਚਨਾ ਕਰਦਿਆਂ ਵਿਵਾਦਤ ਬਿਆਨ ਦਿੱਤਾ ਸੀ ਕਿ ਸ਼ਰਤ ਲਾ ਲਉ ਮੇਰੇ ਨਾਲ, ਸ਼ੋ੍ਰਮਣੀ ਕਮੇਟੀ ਦੇ ਗੁਰਦੁਆਰਾ ਸਾਹਿਬਾਨ ਵਿਚੋਂ ਜੇ ਗੋਲਕਾਂ ਚੁੱਕ ਦਿਉ ਤੇ ਉਥੇ ਲਿਖ ਦਿਉ ਕਿ ਸਿਰਫ਼ ਮੱਥਾ ਟੇਕਣ ਲਈ ਆਓ, ਅਸ਼ੀਰਵਾਦ ਲੈ ਕੇ ਜਾਓ, ਪੈਸੇ ਨਹੀਂ ਮੱਥਾ ਟੇਕਣੇ ਤਾਂ ਵੇਖਿਓ ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਅੱਧੇ ਮੈਂਬਰ ਅਸਤੀਫ਼ੇ ਦੇ ਦੇਣਗੇ ਕਿ ਛੱਡੋ ਪਰੇ ਗੋਲਕਾਂ ਤਾਂ ਚੁੱਕ ਹੀ ਦਿੱਤੀਆਂ | ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਮੈਂ ਪਾਰਲੀਮੈਂਟ ਵਿਚ ਵੀ ਕਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਂਅ ਹੁਣ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਰੱਖ ਦੇਣਾ ਚਾਹੀਦਾ ਹੈ |
ਸ਼ੋ੍ਰਮਣੀ ਕਮੇਟੀ ਮੈਂਬਰਾਂ ਤੇ ਸਿੱਖ ਜਗਤ 'ਚ ਰੋਸ
ਮੁੱਖ ਮੰਤਰੀ ਦੇ ਵਿਵਾਦਤ ਬਿਆਨ ਪ੍ਰਤੀ ਸਖ਼ਤ ਰੋਸ ਪ੍ਰਗਟ ਕਰਦਿਆਂ ਅੱਜ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਅਧਿਕਾਰੀਆਂ ਵਲੋਂ ਅੱਜ ਪੰਜਾਬ ਭਰ ਵਿਚ ਜ਼ਿਲ੍ਹਾ ਹੈੈੱਡਕੁਆਟਰਾਂ 'ਤੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਮੰਗ ਪੱਤਰਾਂ ਵਿਚ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੋ੍ਰਮਣੀ ਕਮੇਟੀ ਅਤੇ ਉਨ੍ਹਾਂ ਦੇ ਮਾਣ-ਸਤਿਕਾਰ ਨੂੰ ਭਾਰੀ ਸੱਟ ਮਾਰਨ ਦੇ ਨਾਲ-ਨਾਲ ਗੁਰੂ ਸਾਹਿਬਾਨ ਦੇ ਸਮੇਂ ਤੋਂ ਚੱਲਦੇ ਆ ਰਹੇ ਦਸਵੰਧ ਅਤੇ ਸੇਵਾ ਦੇ ਸਿਧਾਂਤ ਨਾਲ ਵੀ ਮਜ਼ਾਕ ਕੀਤਾ ਹੈ ਤੇ ਇਸ ਨਾਲ ਪੂਰੇ ਸਿੱਖ ਜਗਤ ਅੰਦਰ ਭਾਰੀ ਰੋਸ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਸ਼ਬਦ ਵਾਪਸ ਲੈਂਦਿਆਂ ਤੁਰੰਤ ਜਨਤਕ ਮੁਆਫ਼ੀ ਮੰਗਣ | ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਲਿਖੇ ਪੱਤਰ ਵਿਚ ਕਿਹਾ ਕਿ ਗੁਰੂ ਦੀ ਗੋਲਕ, ਲੰਗਰ, ਸੰਗਤ, ਦਸਵੰਧ ਆਦਿ ਦੇ ਸਿਧਾਂਤ ਅਤੇ ਮਰਯਾਦਾ ਗੁਰੂ ਸਾਹਿਬਾਨ ਦੇ ਸਮੇਂ ਤੋਂ ਚੱਲਦੀ ਆ ਰਹੀ ਹੈ, ਜੋ ਅੱਜ ਵੀ ਉਸੇ ਸੰਦਰਭ ਵਿਚ ਜਾਰੀ ਹੈ | ਉਨ੍ਹਾਂ ਕਿਹਾ ਕਿ ਗੁਰੂ ਦਰਬਾਰ ਵਿਚ ਦਰਸ਼ਨਾਂ ਲਈ ਆਏ ਸ਼ਰਧਾਲੂ ਆਪਣੀ ਸ਼ਰਧਾ ਅਨੁਸਾਰ ਭੇਟਾਵਾਂ ਦੇ ਕੇ ਖ਼ੁਸ਼ੀਆਂ ਪ੍ਰਾਪਤ ਕਰਦੇ ਹਨ ਅਤੇ ਇਸ ਨਾਲ ਹੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਅਤੇ ਸੰਗਤਾਂ ਲਈ ਲੋੜੀਂਦੇ ਕਾਰਜ ਕੀਤੇ ਜਾਂਦੇ ਹਨ | ਸਿੱਖ ਪ੍ਰੰਪਰਾਵਾਂ ਨਾਲ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੇੜਿਓਾ ਜੁੜੀਆਂ ਹੋਈਆਂ ਹਨ ਅਤੇ ਮੁੱਖ ਮੰਤਰੀ ਦੇ ਗੁਰੂ ਦੀ ਗੋਲਕ ਬਾਰੇ ਬਿਆਨ ਨਾਲ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ | ਪੱਤਰ ਵਿਚ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਿਨਾਂ ਕਿਸੇ ਤਨਖ਼ਾਹ ਭੱਤੇ ਦੇ ਸੇਵਾ ਕਰਦੇ ਹਨ ਅਤੇ ਭਾਰਤ ਦੇ ਕਿਸੇ ਵੀ ਚੁਣੇ ਹੋਏ ਅਹੁਦੇ 'ਚੋਂ ਕੇਵਲ ਸ਼੍ਰੋਮਣੀ ਕਮੇਟੀ ਮੈਂਬਰ ਹੀ ਅਜਿਹੇ ਹਨ, ਜੋ ਸੇਵਾ ਬਦਲੇ ਕੋਈ ਲਾਭ ਨਹੀਂ ਪ੍ਰਾਪਤ ਕਰਦੇ | ਇਹ ਵੀ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਸੰਗਤ ਵਲੋਂ ਭੇਟ ਕੀਤੇ ਚੜ੍ਹਾਵੇ ਨਾਲ ਹੀ ਵੱਡੇ ਕਾਰਜ ਕਰ ਰਹੀ ਹੈ ਅਤੇ ਜਿਥੇ ਸਰਕਾਰਾਂ ਨਾਕਾਮ ਰਹੀਆਂ ਹਨ, ਉਥੇ ਇਸ ਸਿੱਖ ਸੰਸਥਾ ਨੇ ਮੋਹਰੀ ਭੂਮਿਕਾ ਨਿਭਾਈ ਹੈ ਅਤੇ ਔਕੜਾਂ ਸਮੇਂ ਮਨੁੱਖਤਾ ਦੀ ਸੇਵਾ ਵਿਚ ਵੀ ਗੁਰੂ ਘਰ ਪਿੱਛੇ ਨਹੀਂ ਰਹਿੰਦੇ | ਅਜਿਹੇ ਵਿਚ ਮੱੁਖ ਮੰਤਰੀ ਦਾ ਬਿਆਨ ਸਿੱਖ ਪ੍ਰੰਪਰਾਵਾਂ ਨੂੰ ਸੱਟ ਮਾਰਨ ਵਾਲਾ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਪਮਾਨਿਤ ਕਰਨ ਵਾਲਾ ਹੈ |
ਅੱਜ ਇਥੇ ਡਿਪਟੀ ਕਮਿਸ਼ਨਰ ਅੰਮਿ੍ਤਸਰ ਹਰਪ੍ਰੀਤ ਸਿੰਘ ਸੂਦਨ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ ਤੇ ਭਗਵੰਤ ਸਿੰਘ ਸਿਆਲਕਾ ਆਦਿ ਨੇ ਤਿੱਖਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਵੱਕਾਰੀ ਅਤੇ ਸੰਵਿਧਾਨਿਕ ਅਹੁਦੇ 'ਤੇ ਬੈਠੇ ਵਿਅਕਤੀ ਨੇ ਬੇਹੂਦਾ ਬਿਆਨ ਦੇ ਕੇ ਅਤੇ ਹੇਠਲੇ ਪੱਧਰ ਦੀ ਸ਼ਬਦਾਵਲੀ ਵਰਤ ਕੇ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਕੀਤਾ ਹੈ, ਜਿਸ ਲਈ ਉਸ ਨੂੰ ਜਨਤਕ ਤੌਰ 'ਤੇ ਮੁਆਫ਼ੀ ਮੰਗਣੀ ਹੀ ਪਵੇਗੀ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਦੇ ਨਾਲ-ਨਾਲ 125 ਦੇ ਕਰੀਬ ਵਿੱਦਿਅਕ ਅਦਾਰੇ ਤੇ ਹਸਪਤਾਲ ਆਦਿ ਵੀ ਚਲਾ ਰਹੀ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਦੇ ਮੈਂਬਰਾਂ ਵਲੋਂ ਜੋ ਮੰਗ ਪੱਤਰ ਸੌਂਪਿਆ ਗਿਆ ਹੈ, ਉਹ ਆਪਣੀ ਜ਼ਿੰਮੇਵਾਰੀ ਸਰਕਾਰ ਤੱਕ ਪੁੱਜਦਾ ਕਰ ਦੇਣਗੇ | ਇਹ ਮੰਗ ਪੱਤਰ ਦੇਣ ਮੌਕੇ ਬਾਵਾ ਸਿੰਘ ਗੁਮਾਨਪੁਰਾ, ਬਲਜੀਤ ਸਿੰਘ ਜਲਾਲਉਸਮਾਂ, ਸੁਰਜੀਤ ਸਿੰਘ ਭਿੱਟੇਵੱਡ, ਮੰਗਵਿੰਦਰ ਸਿੰਘ ਖਾਪੜਖੇੜੀ, ਅਮਰਜੀਤ ਸਿੰਘ ਬੰਡਾਲਾ ਤੇ ਭਾਈ ਅਜਾਇਬ ਸਿੰਘ ਅਭਿਆਸੀ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ ਤੇ ਹੋਰ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਸਨ |