ਕਿਸਾਨਾਂ ਨੇ ਮੋਦੀ ਸਰਕਾਰ ਦੇ ਪੁਤਲੇ ਫੂਕੇ

ਕਿਸਾਨਾਂ ਨੇ ਮੋਦੀ ਸਰਕਾਰ ਦੇ ਪੁਤਲੇ ਫੂਕੇ
ਅੰਮ੍ਰਿਤਸਰ-ਕੇਂਦਰ ਸਰਕਾਰ ਵੱਲੋ ਪੇਸ਼ ਕੀਤੇ ਗਏ ਆਮ ਬਜਟ ਵਿੱਚੋਂ ਕਿਸਾਨਾਂ ਮਜ਼ਦੂਰਾਂ ਨੂੰ ਅੱਖੋਂ ਪਰੋਖੇ ਕੀਤੇ ਜਾਣ ਦੇ ਰੋਸ ਵਜੋਂ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਾਰਕੁਨਾਂ ਵਲੋਂ ਸਥਾਨਕ ਗੋਲਡਨ ਗੇਟ ਵਿਖੇ ਮੋਦੀ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਵਿਖਾਵਾ ਕੀਤਾ ਗਿਆ। ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਗੁਰਬਚਨ ਸਿੰਘ ਚੱਬਾ ਵੱਲੋਂ ਇਥੇ ਗੋਲਡਨ ਗੇਟ ਵਿਖੇ ਬਜਟ ਦੇ ਵਿਰੋਧ ਵਿਚ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦਿੱਲੀ ਮੋਰਚੇ ਤੋਂ ਮਿਲੀ ਸ਼ਿਕਸਤ ਤੋਂ ਬੌਖਲਾਈ ਹੋਈ ਹੈ ਅਤੇ ਬਦਲੇ ਦੀ ਭਾਵਨਾ ਨਾਲ ਕਿਸਾਨਾਂ ਨੂੰ ਬਜਟ ਵਿਚੋਂ ਅਣਦੇਖਿਆ ਕੀਤਾ ਹੈ । ਉਨ੍ਹਾਂ ਕਿਹਾ ਕਿ ਖੇਤੀ ਸਕੀਮਾਂ ਲਈ ਇਸ ਵਾਰ ਦਾ ਬਜਟ ਪਿਛਲੇ ਬਜਟ ਨਾਲੋਂ ਵੀ ਘਟ ਹੈ ਜਦੋਂ ਕਿ ਕਾਰਪੋਰੇਟ ’ਤੇ ਕੋਈ ਟੈਕਸ ਨਹੀਂ ਵਧਾਇਆ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਗੁਰਲਾਲ ਸਿੰਘ ਮਾਨ ਨੇ ਦੱਸਿਆ ਕਿ ਅੱਜ ਅੰਮ੍ਰਿਤਸਰ ਸਮੇਤ ਤਰਨ ਤਾਰਨ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਫਾਜ਼ਿਲਕਾ, ਫਿਰੋਜ਼ਪੁਰ, ਲੁਧਿਆਣਾ,ਮਾਨਸਾ, ਹੁਸ਼ਿਆਰਪੁਰ,ਮੋਗਾ, ਮੁਕਤਸਰ, ਫਰੀਦਕੋਟ ਜ਼ਿਲ੍ਹਿਆਂ ਵਿਚ 40 ਥਾਵਾਂ ’ਤੇ ਬਜਟ ਖਿਲਾਫ ਸਰਕਾਰ ਦਾ ਪੁਤਲਾ ਫੂਕ ਕੇ ਵਿਰੋਧ ਦਰਜ ਕਰਵਾਏ ਗਏ ਹਨ| ਉਨ੍ਹਾਂ ਕਿਹਾ ਕਿ ਦੇਸ਼ ਦਾ ਖੇਤੀ ਸੈਕਟਰ ਪਹਿਲੀਆਂ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਬੁਰੇ ਹਾਲਾਤ ਦਾ ਸ਼ਿਕਾਰ ਹੈ। ਖਾਸ ਕਰਕੇ ਪੰਜਾਬ ਵਿਚ ਝੋਨੇ ਦੀ ਫਸਲ ਦਾ ਬਦਲਵਾਂ ਪ੍ਰਬੰਧ ਕਰਨ ਵਾਸਤੇ ਅਤੇ 23 ਫਸਲਾਂ ਤੇ ਐੱਮਐੱਸਪੀ ਲਈ ਬਜਟ ਨਾ ਰੱਖਣਾ ਸਰਕਾਰ ਦੇ ਖੇਤੀ ਸੈਕਟਰ ਲਈ ਉਦਾਸੀਨ ਰਵੱਈਏ ਨੂੰ ਉਜਾਗਰ ਕਰਦਾ ਹੈ| ਧਰਤੀ ਹੇਠਲੇ ਘਟ ਰਹੇ ਪਾਣੀ ਦੇ ਸਤਰ ਨੂੰ ਬਚਾਉਣ ਲਈ ਬਜਟ ਵਧਾਉਣ ਦੀ ਜਗ੍ਹਾ ਘਟ ਕਰ ਦਿੱਤਾ ਗਿਆ ਹੈ, ਮਨਰੇਗਾ ਵਰਗੀ ਸਕੀਮ ਵਿਚ ਮਜ਼ਦੂਰਾਂ ਨੂੰ ਕੰਮ ਦੇਣ ਲਈ ਜ਼ਰੂਰੀ ਬਜਟ 7.5 ਲੱਖ ਕਰੋੜ ਦਾ ਹੋਣਾ ਚਾਹੀਦਾ ਹੈ ਪਰ ਪਿੱਛਲੇ ਸਾਲ ਦੇ 73 ਹਜ਼ਾਰ ਕਰੋੜ ਤੋਂ ਵੀ ਘਟਾ ਕੇ ਇਸਨੂੰ 60 ਹਜ਼ਾਰ ਕਰੋੜ ਕਰ ਦਿੱਤਾ ਗਿਆ ਹੈ। ਸਰਕਾਰ ਇਨਕਮ ਟੈਕਸ ’ਤੇ ਨਵੇਂ ਟੈਕਸ ਸਿਸਟਮ ਹੇਠ ਅੰਕੜਿਆਂ ਦੀ ਖੇਡ ਨਾਲ ਜਨਤਾ ਨੂੰ ਠੱਗਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਮੁਕਾਬਲੇ ਪੁਰਾਣੇ ਟੈਕਸ ਸਿਸਟਮ ਵਿਚ ਜਨਤਾ ਦਾ ਜ਼ਿਆਦਾ ਪੈਸੇ ਬਚ ਰਿਹਾ ਸੀ। ਇਸ ਮੌਕੇ ਕਿਸਾਨ ਆਗੂ ਹਰਪ੍ਰੀਤ ਸਿੰਘ ਸਿੱਧਵਾਂ, ਰਣਬੀਰ ਸਿੰਘ ਰਾਣਾ, ਸਤਨਾਮ ਸਿੰਘ ਮਾਣੋਚਾਹਲ, ਲਖਵਿੰਦਰ ਸਿੰਘ ਵਰਿਆਮ ਨੰਗਲ, ਪਰਮਜੀਤ ਸਿੰਘ ਭੁੱਲਾਂ, ਜਰਮਨਜੀਤ ਸਿੰਘ ਬੰਡਾਲਾ, ਬਲਦੇਵ ਸਿੰਘ ਬੱਗਾ, ਸੁਖਦੇਵ ਸਿੰਘ ਚਾਟੀਵਿੰਡ, ਰਣਜੀਤ ਸਿੰਘ ਚਾਟੀਵਿੰਡ, ਗੁਰਭੇਜ ਸਿੰਘ ਝੰਡੇ, ਮੁਖਤਾਰ ਸਿੰਘ ਭੰਗਵਾ, ਕਵਲਜੀਤ ਸਿੰਘ ਵੰਨਚਿੜੀ, ਦਿਲਬਾਗ ਸਿੰਘ ਖਾਪੜਖੇੜੀ ਤੇ ਹੋਰ ਹਾਜ਼ਰ ਸਨ।
ਸ਼ਾਹਕੋਟ : ਕੇਂਦਰੀ ਸਰਕਾਰ ਵੱਲੋਂ ਪਾਸ ਕੀਤੇ 2023 ਦੇ ਬਜਟ ਨੂੰ ਕਿਸਾਨ, ਮਜ਼ਦੂਰ ਅਤੇ ਗਰੀਬ ਵਿਰੋਧੀ ਐਲਾਨਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸ਼ਾਹਕੋਟ ਸਥਾਨਕ ਕਸਬੇ ਵਿਚ ਮੁਜ਼ਾਹਰਾ ਕਰਕੇ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਦੇ ਪੁਤਲੇ ਫੂਕੇ। ਜ਼ਿਲ੍ਹਾ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜ੍ਹਵਾਂ ਅਤੇ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਵੱਲੋਂ ਲਿਆਂਦੇ ਬਜਟ ਵਿਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਗਰੀਬਾਂ ਲਈ ਸਹੂਲਤਾਂ ਨਾ ਦੇਣ ਤੋਂ ਸਪੱਸਟ ਹੋ ਗਿਆ ਹੈ ਕਿ ਸਰਕਾਰ ਗਰੀਬਾਂ ਦਾ ਕਚੂਮਰ ਕੱਢ ਕੇ ਕਾਰਪੋਰੇਟ ਘਰਾਣਿਆਂ ਨੂੰ ਮਾਲਾ-ਮਾਲ ਕਰਨਾ ਚਾਹੁੰਦੀ ਹੈ। ਉਨ੍ਹਾਂ ਬਜਟ ਨੂੰ ਲੋਕ ਤੇ ਗਰੀਬ ਵਿਰੋਧੀ ਐਲਾਨਦਿਆਂ ਕੇਂਦਰੀ ਭਾਜਪਾ ਹਕੂਮਤ ਨੂੰ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਦੱਸਿਆ। ਇਸ ਮੌਕੇ ਨਿਰਮਲ ਸਿੰਘ ਢੰਡੋਵਾਲ, ਜਗਦੀਸ਼ ਪਾਲ ਸਿੰਘ, ਰਜਿੰਦਰ ਸਿੰਘ, ਤੀਰਥ ਸਿੰਘ, ਸਵਰਨ ਸਿੰਘ, ਕੁਲਦੀਪ ਸਿੰਘ, ਲਖਵੀਰ ਸਿੰਘ, ਮੇਜਰ ਸਿੰਘ ਅਤੇ ਸੁਰਿੰਦਰ ਸਿੰਘ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ। ਕਿਸਾਨਾਂ ਤੇ ਮਜ਼ਦੂਰਾਂ ਨੇ ਥਾਣਾ ਸ਼ਾਹਕੋਟ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਪੁਤਲੇ ਫੂਕੇ।