ਐੱਨਆਈਏ ਦੇ ਛਾਪਿਆਂ ਰਾਹੀਂ ਸਿੱਖਾਂ ਦੀ ਸਾਖ ਨੂੰ ਢਾਹ ਲਾਉਣ ਦੇ ਦੋਸ਼

ਐੱਨਆਈਏ ਦੇ ਛਾਪਿਆਂ ਰਾਹੀਂ ਸਿੱਖਾਂ ਦੀ ਸਾਖ ਨੂੰ ਢਾਹ ਲਾਉਣ ਦੇ ਦੋਸ਼
ਅੰਮ੍ਰਿਤਸਰ-ਜਥੇਬੰਦੀ ਪੰਥ ਸੇਵਕ ਸ਼ਖ਼ਸੀਅਤਾਂ ਨੇ ਦੋਸ਼ ਲਾਇਆ ਕਿ ਕੌਮੀ ਜਾਂਚ ਏਜੰਸੀ ਐਨਆਈਏ ਵੱਲੋਂ ਸਿੱਖ ਸੰਸਥਾਵਾਂ (ਖਾਲਸਾ ਏਡ ਵੀ ਸ਼ਾਮਲ) ਅਤੇ ਵਿਦੇਸ਼ਾਂ ਵਿਚਲੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਘਰਾਂ ਉੱਤੇ ਮਾਰੇ ਗਏ ਛਾਪੇ ਸਿੱਖਾਂ ਦੀ ਸਾਖ ਨੂੰ ਢਾਹ ਲਾਉਣ ਦਾ ਯਤਨ ਹੈ। ਪੱਤਰਕਾਰ ਸੰਮੇਲਨ ਦੌਰਾਨ ਗੱਲਬਾਤ ਕਰਦਿਆਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਰਾਜਿੰਦਰ ਸਿੰਘ ਮੁਗਲਵਾਲ ਅਤੇ ਭਾਈ ਸਤਨਾਮ ਸਿੰਘ ਝੰਜੀਆਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸਿੱਖਾਂ ਨੂੰ ਨਿਖੇੜ ਕੇ ਸਿੱਧਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਹਮਲਾ ਕਿਸੇ ਇਕ ਸੰਸਥਾ, ਜਥੇਬੰਦੀ ਜਾਂ ਚੋਣਵੀਆਂ ਸ਼ਖ਼ਸੀਅਤਾਂ ਉੱਤੇ ਨਹੀਂ ਹੈ ਸਗੋਂ ਇਹ ਸਿੱਖਾਂ ਦੀ ਸਮੂਹਿਕ ਸਾਖ ਅਤੇ ਸਮਰੱਥਾ ਉੱਤੇ ਹਮਲਾ ਹੈ ਜਿਸ ਵਿਰੁੱਧ ਦੇਸ਼-ਵਿਦੇਸ਼ ਦੀਆਂ ਸੰਸਥਾਵਾਂ ਤੇ ਸਿੱਖ ਜਥੇਬੰਦੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵਿਚ ਆਪਸੀ ਧੜੇਬੰਦੀ ਕਿਸੇ ਵੀ ਤਰ੍ਹਾਂ ਕੌਮ ਦੇ ਹਿੱਤ ਵਿਚ ਨਹੀਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਇਸ ਵੇਲੇ ਤੇਜ਼ੀ ਨਾਲ ਆਪਣੇ ਹਿੰਦੂ ਰਾਸ਼ਟਰ ਦੇ ਏਜੰਡੇ ਦੇ ਅਮਲ ਨੂੰ ਲਾਗੂ ਕਰ ਰਹੀ ਹੈ ਜਿਸ ਦੇ ਨਤੀਜੇ ਵੱਜੋਂ ਹਰ ਪੱਧਰ ਉੱਤੇ ਸੱਤਾ ਤੇ ਤਾਕਤਾਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ। ਇਸ ਤਹਿਤ ਹੀ ਧਾਰਮਿਕ, ਸੱਭਿਆਚਾਰਕ ਤੇ ਭਾਸ਼ਾਈ ਪਛਾਣ, ਐਸ.ਸੀ. ਭਾਈਚਾਰੇ, ਆਦਿਵਾਸੀਆਂ ਤੇ ਹੋਰਨਾਂ ਸੰਘਰਸ਼ਸ਼ੀਲ ਫਿਰਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਲੋਕਤੰਤਰ ਤੇ ਕਾਨੂੰਨ ਦਾ ਰਾਜ ਸਿਰਫ ਨਾਮ ਦਾ ਹੀ ਰਹਿ ਗਿਆ ਹੈ ਤੇ ਸਰਕਾਰ ਦਾ ਸਮੁੱਚਾ ਵਿਹਾਰ ਫਾਸ਼ੀਵਾਦੀ ਤੇ ਤਾਨਾਸ਼ਾਹ ਵਰਗਾ ਹੈ।