ਪੁਲੀਸ ਨੇ ਹਿਰਾਸਤ ’ਚ ਲਏ ਕਿਸਾਨ ਆਗੂ ਛੱਡੇ

ਪੁਲੀਸ ਨੇ ਹਿਰਾਸਤ ’ਚ ਲਏ ਕਿਸਾਨ ਆਗੂ ਛੱਡੇ
ਅੰਬਾਲਾ-ਕਿਸਾਨ ਯੂਨੀਅਨਾਂ ਦੇ ਸੱਦੇ ’ਤੇ ਅੰਬਾਲਾ ਸ਼ਹਿਰ ਦੀ ਦਾਣਾ ਮੰਡੀ ਵਿਚ ਅੱਜ ਸਵੇਰੇ 10 ਵਜੇ ਕੀਤੇ ਜਾਣ ਵਾਲੇ ਇਕੱਠ ਵਿੱਚ ਸ਼ਾਮਲ ਹੋਣ ਲਈ ਪੰਜਾਬ ਅਤੇ ਹਰਿਆਣਾ ਦੇ ਸੈਂਕੜੇ ਕਿਸਾਨਾਂ ਨੂੰ ਪੁਲੀਸ ਨੇ ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਰੋਕ ਲਿਆ। ਪੁਲੀਸ ਨੇ ਅੰਬਾਲਾ-ਹਿਸਾਰ ਰੋਡ ’ਤੇ ਪੀਕੇਆਰ ਜੈਨ ਸਕੂਲ ਲਾਗੇ ਬੈਰੀਕੇਡ ਲਗਾ ਕੇ ਅਤੇ ਬਜਰੀ ਦਾ ਭਰਿਆ ਵੱਡਾ ਟਰੱਕ ਸੜਕ ’ਤੇ ਟੇਢਾ ਖੜ੍ਹਾ ਕਰਕੇ ਰੋਕਾਂ ਲਾਈਆਂ। ਪੁਲੀਸ ਵੱਲੋਂ ਰੋਕਣ ’ਤੇ ਕਿਸਾਨ ਉੱਥੇ ਹੀ ਸੜਕ ਉੱਤੇ ਬੈਠ ਗਏ ਅਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪਹਿਲਾਂ ਡੀਐੱਸਪੀ ਰਾਮ ਕੁਮਾਰ ਨੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਗੱਲਬਾਤ ਐੱਸਪੀ ਅੰਬਾਲਾ ਸੁਰਿੰਦਰ ਸਿੰਘ ਭੌਰੀਆ ਨਾਲ ਕਰਵਾਈ। ਕਿਸਾਨ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਵੀ ਹੋਈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੁੱਖ ਤੌਰ ’ਤੇ ਦੋ ਮੰਗਾਂ ਰੱਖੀਆਂ। ਪਹਿਲੀ ਸ਼ਰਤ ਵਿੱਚ ਹਿਰਾਸਤ ’ਚ ਲਏ ਕਿਸਾਨ ਆਗੂਆਂ ਨੂੰ ਬਿਨਾ ਸ਼ਰਤ ਰਿਹਾਅ ਕਰਨ ਦੀ ਮੰਗ ਰੱਖੀ ਗਈ ਅਤੇ ਦੂਜੀ ਵਿੱਚ ਕਿਸਾਨਾਂ ਨੂੰ ਦਾਣਾ ਮੰਡੀ ਪਹੁੰਚ ਕੇ ਨਵਦੀਪ ਜਲਬੇੜਾ ਦਾ ਸਨਮਾਨ ਕਰਨ ਦੇਣ ਦੀ ਮੰਗ ਕੀਤੀ।
ਅਧਿਕਾਰੀਆਂ ਨੇ ਕਿਸਾਨਾਂ ਨੂੰ ਦਾਣਾ ਮੰਡੀ ਤੱਕ ਜਾਣ ਦੀ ਇਜਾਜ਼ਤ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਬੀਐੱਨਐੱਸ ਦੀ ਧਾਰਾ 163 (ਪਹਿਲਾਂ 144) ਲੱਗੀ ਹੋਈ ਹੈ ਅਤੇ ਇਕੱਠ ਲਈ ਪ੍ਰਸ਼ਾਸਨ ਕੋਲੋਂ ਪੇਸ਼ਗੀ ਮਨਜ਼ੂਰੀ ਵੀ ਨਹੀਂ ਲਈ ਗਈ। ਮੀਟਿੰਗ ਮਗਰੋਂ ਐੱਸਪੀ ਭੌਰੀਆ ਨੇ ਮੀਡੀਆ ਨੂੰ ਦੱਸਿਆ ਕਿ ਕਿਸਾਨਾਂ ਨਾਲ ਦੋ ਗੱਲਾਂ ’ਤੇ ਸਹਿਮਤੀ ਬਣੀ ਹੈ ਕਿ ਉਹ ਧਾਰਾ 163 ਦੀ ਉਲੰਘਣਾ ਨਹੀਂ ਕਰਨਗੇ ਅਤੇ ਤੈਅ ਕੀਤੇ ਗਏ ਰੂਟ ’ਤੇ ਵਾਪਸ ਸ਼ੰਭੂ ਜਾਣਗੇ। ਉਨ੍ਹਾਂ ਦੱਸਿਆ ਕਿ ਆਰਜ਼ੀ ਤੌਰ ’ਤੇ ਹਿਰਾਸਤ ਵਿੱਚ ਲਏ ਕਿਸਾਨ ਆਗੂਆਂ ਨੂੰ ਛੱਡ ਦਿੱਤਾ ਗਿਆ ਹੈ।
ਇਸ ਮੌਕੇ ਸਰਵਣ ਸਿੰਘ ਪੰਧੇਰ ਨੇ ਆਪਣੇ ਸੰਬੋਧਨ ਵਿੱਚ ਕਿਸਾਨਾਂ ਨੂੰ ਜ਼ਾਬਤੇ ’ਚ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਕੋਈ ਗੜਬੜ ਕਰਨ, ਜਿਸ ਦੀ ਵੀਡੀਓ ਉਹ 22 ਜੁਲਾਈ ਨੂੰ ਸੁਪਰੀਮ ਕੋਰਟ ਵਿੱਚ ਦਿਖਾ ਸਕਣ ਕਿ ਬਾਰਡਰ ਖੋਲ੍ਹਣ ਨਾਲ ਹਰਿਆਣਾ ਵਿੱਚ ਅਮਨ-ਕਾਨੂੰਨ ਵਿਵਸਥਾ ਵਿਗੜ ਸਕਦੀ ਹੈ। ਪੰਧੇਰ ਨੇ ਦੱਸਿਆ ਕਿ ਪੁਲੀਸ ਨੇ ਕਿਸਾਨ ਆਗੂਆਂ ਨੂੰ ਰਿਹਾਅ ਕਰ ਦਿੱਤਾ ਹੈ ਅਤੇ ਉਹ ਸ਼ੰਭੂ ਬਾਰਡਰ ’ਤੇ ਨਵਦੀਪ ਜਲਬੇੜਾ ਦਾ ਸਨਮਾਨ ਕਰਨਗੇ। ਅੱਜ ਦੇ ਇਕੱਠ ਵਿੱਚ ਜਲਬੇੜਾ ਵੀ ਸ਼ਾਮਲ ਹੋਇਆ, ਜਿਸ ਨੂੰ ਮਿਲਣ ਲਈ ਲੱਖਾ ਸਿਧਾਣਾ ਪਹੁੰਚਿਆ ਹੋਇਆ ਸੀ।