ਕੇਂਦਰ ਸਰਕਾਰ ਵੱਲੋਂ ਕਿਸਾਨ ਫੋਰਮਾਂ ਨਾਲ 4 ਮਈ ਦੀ ਮੀਟਿੰਗ ਰੱਦ

ਕੇਂਦਰ ਸਰਕਾਰ ਵੱਲੋਂ ਕਿਸਾਨ ਫੋਰਮਾਂ ਨਾਲ 4 ਮਈ ਦੀ ਮੀਟਿੰਗ ਰੱਦ
ਚਰਨਜੀਤ ਭੁੱਲਰਚੰਡੀਗੜ੍ਹ-ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਚੰਡੀਗੜ੍ਹ ਵਿੱਚ 4 ਮਈ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਹੈ। ਕੇਂਦਰ ਸਰਕਾਰ ਨੇ ਇਸ ਮੀਟਿੰਗ ਨੂੰ ਰੱਦ ਕਰਨ ਲਈ ਤਰਕ ਦਿੱਤਾ ਹੈ ਕਿ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਦੇ ਪ੍ਰਤੀਨਿਧਾਂ ਦੀ ਸ਼ਮੂਲੀਅਤ ਤੋਂ ਬਿਨਾਂ ਇਹ ਮੀਟਿੰਗ ਕਰਨ ਦੀ ਸ਼ਰਤ ਰੱਖੀ ਹੈ, ਜੋ ਗੈਰਵਾਜਬ ਹੈ।
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸੰਯੁਕਤ ਸਕੱਤਰ ਪੂਰਨ ਚੰਦਰ ਕਿਸ਼ਨ ਨੇ ਉਪਰੋਕਤ ਦੋਵਾਂ ਕਿਸਾਨ ਫੋਰਮਾਂ ਵੱਲੋਂ ਪੰਜਾਬ ਸਰਕਾਰ ਦੇ ਪ੍ਰਤੀਨਿਧਾਂ ਬਿਨਾਂ ਮੀਟਿੰਗ ਕੀਤੇ ਜਾਣ ਵਾਲੀ ਮੰਗ ਨੂੰ ਰੱਦ ਕਰ ਦਿੱਤਾ ਹੈ।
ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ ਦੋਵੇਂ ਫੋਰਮਾਂ ਨਾਲ ਚੱਲ ਰਹੀ ਕਈ ਗੇੜ ਦੀ ਗੱਲਬਾਤ ਖਟਾਈ ਵਿੱਚ ਪੈ ਗਈ ਹੈ। ਕੇਂਦਰ ਸਰਕਾਰ ਨੇ ਮੀਟਿੰਗ ਲਈ ਹਾਲੇ ਕੋਈ ਨਵੀਂ ਤਾਰੀਖ਼ ਵੀ ਨਹੀਂ ਦਿੱਤੀ ਹੈ। ਚਰਚੇ ਹਨ ਕਿ ਹਰਿਆਣਾ ਨੂੰ ਵਾਧੂ ਪਾਣੀ ਦਿੱਤੇ ਜਾਣ ਤੋਂ ਬਣੇ ਮਾਹੌਲ ਦੇ ਮੱਦੇਨਜ਼ਰ ਵੀ ਕੇਂਦਰ ਸਰਕਾਰ ਨੇ ਕਿਸਾਨ ਫੋਰਮਾਂ ਨਾਲ ਮੀਟਿੰਗ ਰੱਦ ਕੀਤੇ ਜਾਣ ਦਾ ਫੈਸਲਾ ਲਿਆ ਹੋ ਸਕਦਾ ਹੈ।
ਕੇਂਦਰੀ ਪੱਤਰ ’ਚ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੂੰ ਮੁਖ਼ਾਤਬ ਹੋ ਕੇ ਲਿਖਿਆ ਹੈ ਕਿ ਉਨ੍ਹਾਂ ਨੂੰ ਆਪਣੀ ਮੰਗ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਜੋ ਕਿ ਮੀਟਿੰਗ ’ਚੋਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਬਾਹਰ ਰੱਖਣ ਨਾਲ ਸਬੰਧਤ ਸੀ।