ਇਰਾਕ ’ਚ ਇਰਾਨ ਪੱਖੀ ਹਸ਼ਦ ਅਲ-ਸ਼ਾਬੀ ’ਤੇ ਮੁੜ ਹਵਾਈ ਹਮਲਾ

ਇਰਾਕ ’ਚ ਇਰਾਨ ਪੱਖੀ ਹਸ਼ਦ ਅਲ-ਸ਼ਾਬੀ ’ਤੇ ਮੁੜ ਹਵਾਈ ਹਮਲਾ

ਇਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਦੇ ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੂੰ ਦਫ਼ਨਾਏ ਜਾਣ ਦੀ ਰਸਮ ਤੋਂ ਪਹਿਲਾਂ ਅੱਜ ਮੁੜ ਇਰਾਕ ’ਚ ਇਰਾਨੀ ਪੱਖੀ ਲੜਾਕਿਆਂ ਉੱਤੇ ਹਵਾਈ ਹਮਲੇ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਰਾਨ ਦਾ ਚੋਟੀ ਦਾ ਫ਼ੌਜੀ ਜਨਰਲ ਸ਼ੁੱਕਰਵਾਰ ਅਮਰੀਕੀ ਡਰੋਨ ਹਮਲੇ ਵਿਚ ਮਾਰਿਆ ਗਿਆ ਸੀ ਤੇ ਉਸ ਦੀ ਹੱਤਿਆ ਤੋਂ ਬਾਅਦ ਅਮਰੀਕਾ ਤੇ ਇਰਾਨ ਵਿਚਾਲੇ ਲੁਕਵੀਂ ਜੰਗ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕਹਿ ਰਹੇ ਹਨ ਕਿ ਉਹ ਜੰਗ ਨਹੀਂ ਚਾਹੁੰਦੇ। ਇਸ ਦੇ ਬਾਵਜੂਦ ਅਮਰੀਕਾ ਕਰੀਬ 3500 ਫ਼ੌਜੀ ਜਵਾਨ ਇਰਾਕ ਦੇ ਗੁਆਂਢੀ ਮੁਲਕ ਕੁਵੈਤ ਭੇਜ ਰਿਹਾ ਹੈ। ਸੰਯੁਕਤ ਰਾਸ਼ਟਰ ਵਿਚ ਇਰਾਨ ਦੇ ਰਾਜਦੂਤ ਮਾਜਿਦ ਤਖ਼ਤ ਰਵਾਂਚੀ ਨੇ ਕਿਹਾ ਹੈ ਕਿ ਅਮਰੀਕੀ ਕਾਰਵਾਈ ‘ਜੰਗ ਛੇੜਨ ਵਾਲੀ ਹੈ।’ ਅਮਰੀਕੀ ਹਮਲਿਆਂ ਮਗਰੋਂ ‘ਨਾਟੋ’ ਨੇ ਵੀ ਇਰਾਕ ਵਿਚ ਆਪਣੇ ਸਿਖ਼ਲਾਈ ਮਿਸ਼ਨ ਮੁਅੱਤਲ ਕਰ ਦਿੱਤੇ ਹਨ। ਤਾਜ਼ਾ ਹਵਾਈ ਹਮਲਾ ਹਸ਼ਦ ਅਲ-ਸ਼ਾਬੀ ਦੇ ਕਾਫ਼ਲੇ ’ਤੇ ਕੀਤਾ ਗਿਆ ਹੈ ਜੋ ਕਿ ਇਰਾਕ ਅਧਾਰਿਤ ਨੀਮ ਫ਼ੌਜੀ ਨੈੱਟਵਰਕ ਹੈ। ਇਸ ਦਾ ਸ਼ੀਆ ਸਮੂਹਾਂ ਵਿਚ ਦਬਦਬਾ ਹੈ ਤੇ ਇਰਾਨ ਦੀ ਨੈੱਟਵਰਕ ਨੂੰ ਤਕੜੀ ਹਮਾਇਤ ਹੈ। ਇਰਾਕੀ ਟੈਲੀਵਿਜ਼ਨ ਨੇ ਇਸ ਨੂੰ ਅਮਰੀਕੀ ਕਾਰਵਾਈ ਦੱਸਿਆ ਹੈ। ਪੁਲੀਸ ਸੂਤਰਾਂ ਮੁਤਾਬਕ ਤਾਜ਼ਾ ਹਮਲੇ ’ਚ ਕਈ ਮੌਤਾਂ ਹੋਈਆਂ ਹਨ ਤੇ ਕਈ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਅਮਰੀਕਾ ਵੱਲੋਂ ਵੀ ਹਾਲੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਗਈ। ਸੁਲੇਮਾਨੀ ਦੀ ਮੌਤ ਦੇ ਸੋਗ ’ਚ ਮਾਰਚ ਕੱਢਣ ਤੋਂ ਕੁਝ ਘੰਟੇ ਪਹਿਲਾਂ ਇਹ ਹਮਲੇ ਹੋਏ ਹਨ। ਡਰੋਨ ਹਮਲੇ ’ਚ ਸੁਲੇਮਾਨੀ ਦੇ ਨਾਲ ਹਸ਼ਦ ਅਲ-ਸ਼ਾਬੀ ਦਾ ਆਗੂ ਵੀ ਮਾਰਿਆ ਗਿਆ ਹੈ। ਕਮਾਂਡਰ ਸੁਲੇਮਾਨੀ ਤੇ ਹੋਰਾਂ ਨੂੰ ਅੱਜ ਸੋਗ ਮਾਰਚ ਕੱਢਣ ਤੋਂ ਬਾਅਦ ਦਫ਼ਨਾ ਦਿੱਤਾ ਗਿਆ। ਮਾਰਚ ’ਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਤਹਿਰਾਨ ਵਿਚ ਅਮਰੀਕਾ ਦੇ ਖ਼ਿਲਾਫ਼ ਜ਼ਬਰਦਸਤ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਬਗ਼ਦਾਦ ਵਿਚ ਇਰਾਕ ਦੇ ਪ੍ਰਧਾਨ ਮੰਤਰੀ ਆਦਿਲ ਅਬਦੇਲ ਮਾਹਦੀ ਨੇ ਵੀ ਮਾਰਚ ਵਿਚ ਹਿੱਸਾ ਲਿਆ। ਇਰਾਕ ’ਚ ਸਰਗਰਮ ਕਈ ਅਮਰੀਕਾ ਵਿਰੋਧੀ ਸਮੂਹਾਂ ਨੇ ਆਪਣੇ ਲੜਾਕਿਆਂ ਨੂੰ ‘ਤਿਆਰ’ ਰਹਿਣ ਲਈ ਕਿਹਾ ਹੈ। ਮਾਹਿਰਾਂ ਮੁਤਾਬਕ ਇਸ ਅਮਰੀਕੀ ਕਾਰਵਾਈ ਦੇ ਖ਼ਤਰਨਾਕ ਨਤੀਜੇ ਨਿਕਲ ਸਕਦੇ ਹਨ। ਰੈਵੋਲਿਊਸ਼ਨਰੀ ਗਾਰਡਜ਼ ਦੇ ਡਿਪਟੀ ਕਮਾਂਡਰ ਅਲੀ ਫਾਦਾਵੀ ਨੇ ਕਿਹਾ ਹੈ ਕਿ ਅਮਰੀਕਾ ਹੁਣ ਇਰਾਨ ਨੂੰ ਕਹਿ ਰਿਹਾ ਹੈ ਕਿ ਕਮਾਂਡਰ ਦੀ ਹੱਤਿਆ ਦੇ ਜਵਾਬ ’ਚ ਤਹਿਰਾਨ ‘ਹਿਸਾਬ ਲਾ ਕੇ’ ਕਾਰਵਾਈ ਕਰੇ। ਫਾਦਾਵੀ ਨੇ ਕਿਹਾ ਕਿ ‘ਉਹ ਚਾਹੁੰਦੇ ਹਨ ਕਿ ਜਿੰਨੀ ਕੁ ਕਾਰਵਾਈ ਉਨ੍ਹਾਂ ਕੀਤੀ ਹੈ, ਅਸੀਂ ਵੀ ਉਸੇ ਹਿਸਾਬ ਨਾਲ ਜਵਾਬ ਦੇਣਾ ਯਕੀਨੀ ਬਣਾਈਏ।’

Radio Mirchi