ਦਿੱਲੀ ਹਿੰਸਾ: ਅੰਕਿਤ ਸ਼ਰਮਾ ਦੇ ਕਤਲ ਕੇਸ ’ਚ ਇੱਕ ਹੋਰ ਗ੍ਰਿਫ਼ਤਾਰੀ

ਆਈਬੀ ਦੇ ਮੁਲਾਜ਼ਮ ਅੰਕਿਤ ਸ਼ਰਮਾ ਦੀ ਮੌਤ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਇੱਕ ਹੋਰ ਗ੍ਰਿਫ਼ਤਾਰੀ ਕੀਤੀ ਹੈ। ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਸਲਮਾਨ ਉਰਫ ਨੰਨ੍ਹੇ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਮੁਲਜ਼ਮ ਨੂੰ ਪੰਜ ਨਾਵਾਂ ਨਾਲ ਜਾਣਿਆ ਜਾਂਦਾ ਸੀ ਜੋ ਮੋਮਿਨ ਉਰਫ ਸਲਮਾਨ ਉਰਫ ਹਸੀਨ ਉਰਫ ਮੁੱਲਾ ਉਰਫ ਨੰਨ੍ਹੇ ਹੈ। ਮੁਲਜ਼ਮ ਨੂੰ ਸੁੰਦਰ ਨਗਰੀ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅੰਕਿਤ ਸ਼ਰਮਾ ਦੇ ਕਤਲ ਕੇਸ ਵਿੱਚ ਪੁਲੀਸ ਨੇ ਕੌਂਸਲਰ ਤਾਹਿਰ ਹੁਸੈਨ ਨੂੰ ਵੀ ਗ੍ਰਿਫਤਾਰ ਕੀਤਾ ਸੀ। ਉਸ ਦਾ ਨਾਮ ਐੱਫਆਈਆਰ ਵਿੱਚ ਸੀ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਖੁਲਾਸਾ ਕੀਤਾ ਸੀ ਕਿ ਆਈਬੀ ਅਧਿਕਾਰੀ ਅੰਕਿਤ ਸ਼ਰਮਾ ਦੀ ਹੱਤਿਆ ਦੀ ਜਾਂਚ ਵਿੱਚ ਜੁਟੀ ਐੱਸਆਈਟੀ ਨੂੰ ਅਹਿਮ ਸੁਰਾਗ ਮਿਲਿਆ ਹੈ।